ਲੜਕੀਆਂ ਨੂੰ ਤੰਗ ਕਰਨ ਵਾਲੇ ਵਿਦਿਆਰਥੀਆਂ ਦੀ ਪੁਲਸ ਨੇ ਕੀਤੀ ਛਿੱਤਰ-ਪਰੇਡ
Lok suneha TV
ਕਾਨੂੰਨ ਅਨੁਸਾਰ ਕਿਸੇ ਵੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਦਾ ਡਰਾਈਵਿੰਗ ਲਾਇਸੰਸ ਨਹੀਂ ਬਣਦਾ ਅਤੇ ਇਨ੍ਹਾਂ ਨੂੰ ਕੋਈ ਮੋਟਰ ਵਾਹਨ ਚਲਾਉਣ ਦੀ ਇਜਾਜ਼ਤ ਨਹੀਂ ਹੁੰਦੀ। ਪਰ ਝਬਾਲ ਦੀਆਂ ਸੜਕਾਂ ‘ਤੇ ਦੁਪਿਹਰ ਵੇਲੇ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀ ਇਸ ਨਿਯਮ ਨੂੰ ਛਿੱਕੇ ਟੰਗ ਕੇ ਹੋਰ ਨਿਯਮਾਂ ਦੀਆਂ ਵੀ ਸ਼ਰੇਆਮ ਧੱਜੀਆਂ ਉਡਾਉਂਦੇ ਵੇਖੇ ਜਾ ਸਕਦੇ ਹਨ। ਜਦ ਸਕੂਲਾਂ ‘ਚ ਛੁੱਟੀ ਹੁੰਦੀ ਹੈ ਤਾਂ ਸੜਕਾਂ ‘ਤੇ ਪ੍ਰਾਈਵੇਟ ਸਕੂਲਾਂ ਖਾਸ ਕਰਕੇ ਤਰਨਤਾਰਨ ਰੋਡ ਸਥਿਤ ਇਕ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਸ਼ਰੇਆਮ ਤਿੰਨ-ਤਿੰਨ ਜਣੇ ਬੈਠ ਕੇ ਤੇਜ਼ ਰਫਤਾਰ ਬੁੱਲਟ ਮੋਟਰਸਾਈਕਲ ਪਟਾਕੇ ਮਾਰਦੇ ਭਜਾਉਂਦੇ ਫਿਰਦੇ ਆਮ ਵੇਖੇ ਜਾ ਸਕਦੇ ਹਨ। ਇਸ ਨਾਲ ਜਿੱਥੇ ਸਕੂਲਾਂ ਦੀਆਂ ਵਿਦਿਆਰਥਣਾਂ ਕਾਫ਼ੀ ਪਰੇਸ਼ਾਨ ਹੋਈਆਂ ਪਈਆਂ ਹਨ, ਉੱਥੇ ਹੀ ਆਮ ਜਨਤਾ ਵੀ ਸੜਕਾਂ ਤੋਂ ਲੰਘਣ ਤੋਂ ਡਰਦੀ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਪੁਲਿਸ ਪ੍ਰਸ਼ਾਸਨ ਦਾ ਵੀ ਕੋਈ ਡਰ ਨਹੀਂ ਹੈ। ਇਹ ਵਿਦਿਆਰਥੀ ਐਨੀ ਤੇਜ਼ ਬੁਲਟ ਮੋਟਰਸਾਈਕਲ ਪਟਾਕੇ ਮਾਰਦੇ ਭਜਾਉਂਦੇ ਹਨ ਕਿ ਜਿਸ ਨੂੰ ਵੇਖ ਕੇ ਲਗਦਾ ਕਿ ਸੜਕਾਂ ‘ਤੇ ਮੌਤ ਨੱਚ ਰਹੀ ਹੈ।
ਲੜਕੀਆਂ ਨੂੰ ਤੰਗ ਕਰਨ ਵਾਲੇ ਵਿਦਿਆਰਥੀਆਂ ਦੀ ਪੁਲਸ ਨੇ ਕੀਤੀ ਛਿੱਤਰ-ਪਰੇਡ
ਅੱਜ ਤਰਨਤਾਰਨ ਰੋਡ ‘ਤੇ ਇਕ ਪ੍ਰਾਈਵੇਟ ਸਕੂਲ ਦੇ ਬਾਹਰ ਵੱਡੀ ਗਿਣਤੀ ‘ਚ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੇ ਇਕੱਠੇ ਹੋ ਕੇ ਗੁੰਡਾਗਰਦੀ ਦਾ ਨਾਚ ਕਰਦਿਆਂ ਸਕੂਲ ਅੱਗੇ ਲੋਕਾਂ ਦੇ ਘਰਾਂ ਵੱਲ ਹਵਾਈਆਂ ਚਲਾਈਆਂ ਅਤੇ ਨਾਲ ਮੋਟਰਸਾਈਕਲਾਂ ਦੇ ਪਟਾਕੇ ਮਰਵਾਕੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ। ਇਸ ਤੋਂ ਪਰੇਸ਼ਾਨ ਹੋ ਕੇ ਆਲੇ-ਦੁਆਲੇ ਦੇ ਲੋਕਾਂ ਨੇ ਇਕੱਠੇ ਹੋਕੇ ਪੁਲਿਸ ਨੂੰ ਮੌਕੇ ‘ਤੇ ਬੁਲਾਕੇ ਥਾਣਾ ਮੁਖੀ ਪ੍ਰਭਜੀਤ ਸਿੰਘ ਦੀ ਅਗਵਾਈ ‘ਚ ਪੁਲਿਸ ਨੇ ਇਨ੍ਹਾਂ ਗੁੰਡਾਗਰਦੀ ਕਰ ਰਹੇ ਸਕੂਲੀ ਬੱਚਿਆਂ ਦੀ ਛਿੱਤਰ ਪਰੇਡ ਕਰ ਕੇ ਇਨ੍ਹਾਂ ਦੇ ਮੋਟਰਸਾਈਕਲ ‘ਤੇ ਕੁੱਝ ਬੱਚਿਆਂ ਨੂੰ ਥਾਣੇ ਬੰਦ ਵੀ ਕੀਤਾ।
ਸਕੂਲ ਪ੍ਰਬੰਧਕਾਂ ਅਨੁਸਾਰ ਅਸੀਂ ਸਕੂਲ ਮੋਟਰਸਾਈਕਲ ਲਿਆਉਣ ਦੀ ਇਜੲਜਤ ਨਹੀਂ ਦਿੰਦੇ ਪਰ ਇਹ ਬੱਚੇ ਸਕੂਲੋਂ ਬਾਹਰ ਦੁਕਾਨਾਂ ‘ਤੇ ਮੋਟਰਸਾਈਕਲ ਖੜ੍ਹੇ ਕਰ ਦਿੰਦੇ ਹਨ, ਜਿਸ ਬਾਰੇ ਅਸੀਂ ਇਨ੍ਹਾਂ ਦੇ ਮਾਪਿਆਂ ਨੂੰ ਵੀ ਸੂਚਿਤ ਕੀਤਾ ਹੈ।
ਲੜਕੀਆਂ ਨੂੰ ਪਰੇਸ਼ਾਨ ਕਰਨ ਵਾਲਿਆਂ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ – ਡੀ.ਐੱਸ.ਪੀ. ਜਸਪਾਲ ਸਿੰਘ
ਡੀ. ਐੱਸ. ਪੀ ਸਿਟੀ ਜਸਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਸਕੂਲਾਂ ‘ਚ ਛੁੱਟੀ ਸਮੇਂ ਸਕੂਲਾਂ ਦੇ ਬਾਹਰ ਤੇ ਸੜਕਾਂ ‘ਤੇ ਬੁਲਟ ਮੋਟਰਸਾਈਕਲਾਂ ਤੇ ਪਟਾਕੇ ਮਰਾਉਣ ਅਤੇ ਲੜਕੀਆਂ ਨੂੰ ਪਰੇਸ਼ਾਨ ਕਰਨ ਵਾਲੇ ਸਕੂਲੀ ਬੱਚਿਆਂ ਖ਼ਿਲਾਫ਼ ਹੁਣ ਕਾਨੂੰਨੀ ਕਾਰਵਾਈ ਕਰ ਕੇ ਮੋਟਰਸਾਈਕਲ ਜ਼ਬਤ ਕੀਤੇ ਜਾਣਗੇ ਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
Comment here