ਪੱਟੀ,ਦੋਸਤ ਨੇ ਬੇਰਹਿਮੀ ਨਾਲ ਵੱਢਿਆ ਦੋਸਤ, ਹੈਰਾਨ ਕਰ ਦੇਵੇਗੀ ਕਤਲ ਦੀ ਵਜ੍ਹਾ
ਵਲਟੋਹਾ (ਰਣਜੀਤ ਸਿੰਘ) : ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸ਼ਹੀਦ ਵਿਖੇ ਦੋ ਹਜ਼ਾਰ ਰੁਪਏ ਨੂੰ ਲੈ ਕੇ ਦੋਸਤ ਵਲੋਂ ਆਪਣੇ ਹੀ ਦੋਸਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਤਿਹ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸੁਖਵਿੰਦਰ ਸਿੰਘ ਜੋ ਕਿ ਰਾਤ ਨੂੰ ਘਰੋਂ ਕਿਸੇ ਕੰਮ ਲਈ ਬਾਹਰ ਗਿਆ ਸੀ। ਜਿਸ ਦੌਰਾਨ ਉਸ ਦੇ ਭਰਾ ਦੇ ਦੋਸਤ ਮਨਦੀਪ ਸਿੰਘ ਉਰਫ਼ ਦੌਰੀ ਜੋ ਉਸ ਦੇ ਭਰਾ ਸੁਖਵਿੰਦਰ ਸਿੰਘ ਤੋਂ ਦੋ ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ, ਨਾਲ ਸੁਖਵਿੰਦਰ ਸਿੰਘ ਦਾ ਪੈਸਿਆਂ ਨੂੰ ਲੈ ਕੇ ਤਕਰਾਰ ਹੋ ਗਿਆ। ਜਦੋਂ ਉਸ ਦੇ ਭਰਾ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਮਨਦੀਪ ਸਿੰਘ ਪੈਸੇ ਖੋਹਣ ਲਈ ਹੱਥੋਪਾਈ ਕਰਨ ਲੱਗ ਪਿਆ ਅਤੇ ਦੋਵਾਂ ਵਿਚਕਾਰ ਤਕਰਾਰ ਹੋ ਗਿਆ।
ਇਸੇ ਰੰਜਿਸ਼ ਦੇ ਚੱਲਦਿਆਂ ਮਨਦੀਪ ਸਿੰਘ ਦੌਰੀ ਨੇ ਉਸ ਦੇ ਭਰਾ ਸੁਖਵਿੰਦਰ ਸਿੰਘ ਦੇ ਸਿਰ ’ਚ ਦਾਤਰ ਮਾਰ ਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਅਤੇ ਜ਼ਖਮੀ ਸੁਖਵਿੰਦਰ ਸਿੰਘ ਨੂੰ ਪਿੰਡ ਦੇ ਛੱਪੜ ਵਿਚ ਸੁੱਟ ਦਿੱਤਾ, ਜਿੱਥੇ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਦਰ ਪੱਟੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉੱਧਰ ਥਾਣਾ ਸਦਰ ਪੱਟੀ ਦੇ ਐੱਸ.ਐੱਚ.ਓ. ਹਰਿੰਦਰ ਸਿੰਘ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮੁਲਜ਼ਮ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Comment here