ArticlesBollywoodEntertainmentIndiaProfessional

ਪਹਿਲਾ ਵਿਆਹ pehle viyah di story 

ਪਹਿਲਾ ਵਿਆਹ pehle viyah di story

ਚਰਨੇ ਕੀ ਭੋਲੀ ਦੇ ਵਿਆਹ ਵੇਲੇ ਮੈ ਦਸਵੀਂ ਚ ਹੋਵਾਗੀ,, ਮੈਨੂੰ , ਯਾਦ ਆ,, ਭੋਲੀ ਰੰਗ ਦੀ ਪੱਕੀ, ਉੱਚੇ ਦੰਦ , ਡੱਡ ਵਰਗੀਆਂ ਅੱਖਾਂ,ਮੋਟੇ ਬੁੱਲ ਮੈਨੂੰ ਭੋਰਾ ਸੋਹਣੀ ਨੀ ਲੱਗਦੀ ਸੀ,,ਹੁਣ ਤੇ ਪਤਾ ਲੱਗ ਗਿਆਂ ਕਿ ਐਵੇਂ ਨਹੀ ਕਹੀਦੀ,, ਪਰ ਉਦੋਂ ਮੈਂ ਮੂੰਹ ਤੇ ਹੀ ਕਹਿ ਦਿੰਦੀ ਸੀ। ਮਾਂ ਨੇ ਮੈਨੂੰ ਤੇ ਨਿੱਕੀ ਭੈਣ ਨੂੰ ਦੋਵਾਂ ਦੇ ਲਾਲ ਨਵੇ ਰਿਬਨ ਪਾ ਕੇ ਕਰੇਲੇ ਬਣਾਕੇ ਤੇ ਇੱਕੋ ਡਿਜ਼ਾਇਨ ਦੇ ਪੀਲੇ ਰੰਗ ਦੇ ਸੂਟ ਪਾ ਕੇ,ਕੰਨਾਂ ਪਿੱਛੇ ਕਾਲੇ ਟਿੱਕੇ ਲਾ ਕੇ ਭੇਜ ਦਿੱਤਾ । ਤਿੰਨ ਘਰ ਛੱਡ ਕੇ ਹੀ ਚਰਨੇ ਕਾ ਘਰ ਸੀ। ਸਵਰਨੇ ਕਾ ਬਿੱਲੂ ਸਾਈਕਲ ਤੇ ਜਾਂਦਾ ਹੋਇਆ ਨਿੱਕੀ ਦੇ ਰਿਬਨ ਦਾ ਫੁੱਲ ਖੋਲ ਗਿਆ,, ਨਾਲੇ ਕਹਿੰਦਾ ,ਮਰਜਾਣੀਆ ਕਿੱਥੇ ਚਲੀਆ, ਮੈਂ ਵੀ ਗੁੱਸੇ ਕਿਹਾ, ਤੂੰ ਹੋਵੇਗਾ ਮਰਜਾਣਾ,, ਅੱਗਿਓਂ ਉਹ ਕਹਿੰਦਾ, ਆ ਕੇ ਗਲ ਵੱਢਦਾ ਥੋਡੇ,,ਨਿੱਕੀ ਤੇ ਰੋਣ ਵਾਲਾ ਮੂੰਹ ਬਣਾ ਕਿ ਵਾਪਸ ਘਰ ਨੂੰ ਭੱਜ ਗਈ। ਮੈਨੂੰ ਪਤਾ ਸੀ ਉਸ ਨੇ ਮਾਂ ਨਾਲ ਹੀ ਆਉਣਾ । ਮੈ ਤੇ ਅੱਪੜ ਗਈ ਵਿਆਹ ਵਾਲਿਆ ਦੇ ਘਰ। ਮੂਹਰਲੀ ਬੈਠਕ ਜਿੱਥੇ ਭੋਲੀ ਤੇ ਬੰਤ ਦਰੀਆਂ ਘੱਟ ਬੁਣਦੀਆ ਹੁੰਦੀਆ,,ਸੜਕ ਵੱਲ ਖੁੱਲ੍ਹਦੀ ਖਿੜਕੀ ਦੀ ਬਾਹਰ ਸਾਰਾ ਦਿਖਦਾ, ਮੈਂ ਉਸ ਖਿੜਕੀ ਚ ਦੀ ਅੰਦਰ ਦੇਖਿਆ , ਕੁੜੀਆਂ ਨੇ ਟੋਲਾ ਬਣਾਇਆ ਸੀ ਤੇ ਖਿੜ ਖਿੜ ਹੱਸੀ ਜਾਂਦੀਆ, ਮੈਂ ਵੀ ਅੰਦਰ ਚਲੇ ਗਈ । ਮੈਂ ਦੇਖਿਆ ਭੋਲੀ ਲਾਲ ਸੂਟ ਪਾਈ ਬੈਠੀ ਆ,,ਕੁੜੀਆਂ ਉਸ ਦੇ ਡੋਰੀ ਪਾ ਕੇ ਲੰਮੀ ਗੁੱਤ ਕਰਤੀ, ਚੂੜੀਆਂ,,ਕਾਂਟੇ, ਹਾਰ, ਸੁਰਖੀ , ਕੱਜਲ, ਭਰਵੱਟਿਆ ਤੇ ਇਕ ਲਾਲ ਇਕ ਚਿੱਟੀ ਬਿੰਦੀ ਲਾ ਦਿੱਤੀ, ਬਹੁਤ ਸਾਰਾ ਪਾਊਡਰ ਥੱਪ ਕੇ ਨੱਥ ਪਾਉਣ ਲੱਗੀਆ, ਤਾਂ ਭੋਲੀ ਕਹਿੰਦੀ ਰਹਿਣ ਦੇਵੋ ਅੜੀਏ,, ਸੋਹਣੀ ਨੀ ਲੱਗਣੀ,, ਨਹੀ ਸੋਹਣੀ ਲੱਗੂ ਪਾ ਕਾ ਤਾਂ ਦੇਖ, ਇਕ ਬੱਕਰੀ ਵਰਗੀ ਕੁੜੀ ਬੋਲੀ,, ਆਖਰ ਪਾ ਹੀ ਦਿੱਤੀ ਨੱਥ। ਵਾਜੇ ਦੀ ਆਵਾਜ਼ ਕੰਨੀ ਪੈਣ ਲੱਗੀ,, ਕੁੜੀਆਂ ਹੱਸਣ ਲੱਗੀਆਂ,ਜੰਝ ਆ ਗਈ, ਜੰਝ ਆ ਗਈ। ਇੱਧਰ ਉਧਰ ਭੱਜਣ ਲੱਗੀਆਂ। ਦੋ ਕੁੜੀਆ ਨੇ ਗੋਟੇ ਵਾਲੀ ਚੁੰਨੀ ਭੋਲੀ ਤੇ ਦੇ ਦਿੱਤੀ,, ਮੈਂ ਟਿਕਟਿਕੀ ਲਾ ਕੇ ਦੇਖਦੀ ਰਹੀ,,ਮੈਂਨੂੰ ਉਹ ਕਾਲੀ ਮਾਤਾ ਵਰਗੀ ਲੱਗ ਰਹੀ ਸੀ। ਸੋਝੀ ਚ ਮੇਰਾ ਪਹਿਲਾ ਵਿਆਹ ਹੋਣ ਕਰਕੇ , ਸਭ ਸੋਹਣਾ ਲੱਗ ਰਿਹਾ ਸੀ। ਕੁੜੀਆ ਮਗਰ ਮੈਂ ਵੀ ਤੁਰ ਪਈ, ਵਿੱਚ ਦੀ ਲੰਘ ਕੇ ਮੂਹਰੇ ਜਾਹ ਖੜੀ,,ਭੋਲੀ ਦਾ ਪਰਾਉਣਾ ਬੜਾ ਗੋਰਾ ਸੀ ਤੇ ਕੋਟ ਪੈਂਟ ਪਾਇਆ ਹੋਇਆ ਸੀ। ਉਹ ਹੱਸੀ ਜਾਹ ਰਿਹਾ ਸੀ,ਦੰਦ ਵੀ ਚਿੱਟੇ ਸੀ, ਮੈਂ ਉਸ ਦੇ ਮੂੰਹ ਵੱਲ ਦੇਖਿਆ ਉਸ ਨੇ ਬਰਫੀ ਦੀ ਦੰਦੀ ਵੱਡੀ ਤਾਂ ਬੱਕਰੀ ਵਰਗੀ ਕੁੜੀ ਨੇ ਸਾਰੀ ਉਸ ਦੇ ਮੂੰਹ ਚ ਤੁੰਨ ਦਿੱਤੀ,, ਉਹ ਹੱਸਿਆ ਤੇ ਭੂਰੀਆਂ ਮੁੱਛਾ ਤੋ ਬਰਫੀ ਝਾੜ ਕੇ ਰਿਬਨ ਕੱਟ ਕੇ ਅੰਦਰ ਆ ਗਿਆ, ਭੋਰਾ ਗੁੱਸਾ ਨਾ ਕੀਤਾ ਉਸ ਨੇ । ਮੈਨੂੰ ਮਾਂ ਨੇ ਹਾਕ ਮਾਰੀ ਮੈਂ ਸੁਣ ਕੇ ਅਣਸੁਣਿਆ ਕਰ ਦਿੱਤਾ ਸਪੀਕਰ ਚ ਗਾਣਾ ਚਲ ਰਿਹਾ ਸੀ ,,ਮੈਂ ਤੇਰੀ ਦੁਸਮਣ ਦੁਸਮਣ ਤੂੰ ਮੇਰਾ,, ਭੁੱਖ ਲੱਗੀ ਸੀ , ਪਰ ਮੈਂ ਦੇਖਿਆ ਕੋਈ ਬੁੜੀ ਨਹੀਂ ਖਾ ਰਹੀ,, ਲਾਲ ਤੇ ਚਿੱਟੀਆ ਤਾਰਾ ਵਾਲੀ ਕੁਰਸੀ ਤੇ ਬੈਠ ਕੇ ਉਡੀਕਣ ਲੱਗੀ। ਜਦੋਂ ਭੋਲੀ ਦੀ ਵਿਧਾਈ ਹੋਈ ਤਾਂ ਉਹ ਬਹੁਤ ਉੱਚੀ ਉਂਚੀ ਮੂੰਹ ਅੱਡ ਕੇ ਰੋ ਰਹੀ ਸੀ। ਮੈਨੂੰ ਸਮਝ ਹੀ ਨਹੀ ਲੱਗਿਆ ਕਿਉਂ ਰੋ ਰਹੀ ਆ,,ਪਰਾਉਣਾ ਤੇ ਰੋ ਨਹੀ ਰਿਹਾ ਸੀ। ਕਈ ਦਿਨ ਮੈਂ ਆਪਣੀ ਗੁੱਡੀ ਦਾ ਨਾ ਭੋਲੀ ਹੀ ਰੱਖਿਆ, ਪਟੋਲੇ ਖੇਡਦੀ ਨੇ, ਤੇ ਉਸ ਦਾ ਵਿਆਹ ਕਰਦੀ ਰਹੀ। ਅੱਜ ਕਈ ਸਾਲਾਂ ਬਾਅਦ , ਗੱਲਾਂ ਚੋ ਗੱਲ ਚਲ ਪਈ , ਚਰਨੇ ਕੀ ਭੋਲੀ ਦੀ ।
ਭੋਲੀ ਦਾ ਪਿਉ ਰੰਗ ਦਾ ਪੱਕਾ ਸੀ ,,ਪਰ ਸੁਭਾਅ ਦਾ ਬੰਦਾ ਨੇਕ ਸੀ, ਹਰ ਇਕ ਦੇ ਕੰਮ ਆਉਣ ਵਾਲਾ ਬੰਦਾ ਤੇ ਨੇਕ ਬੰਦੇ ਰੱਬ ਨੂੰ ਵੀ ਪਿਆਰੇ ਹੁੰਦੇ । ਬੱਸ ਇਕ ਜਿਗਰੀ ਯਾਰ ਨਾਲ ਜੁਬਾਨ ਹੋ ਗਈ, ਕਿ ਜੇ ਧੀ ਹੋਈ ਤਾਂ ਤੇਰੀ ਧੀ,,ਜੇ ਪੁੱਤ ਤਾ ਤੇਰੀ ਧੀ ਮੇਰੀ ਧੀ। ਮਰ ਗਿਆ ਉਮਰ ਦੇ ਪੈਂਤੀ ਵੇ ਵੵਰੇ ਹੀ , ਛੇ ਮਹੀਨੇ ਦੀ ਧੀ ਛੱਡ ਕੇ। ਭੋਲੀ ਦੀ ਮਾਂ ਦਿਉਰਾ ਜੇਠਾ ਚ ਬਾਹਲਾ ਵਕਤ ਨਾ ਰਹੀ,,ਪੇਕੇ ਆ ਗਈ । ਭਰਾ ਭਰਜਾਈ ਚੰਗੇ ਸੀਂ। ਵਕਤ ਨਿਕਲ ਗਿਆ ਕਦੇ ਪੇਕੇ ਕਦੇ ਸਹੁਰੇ । ਆਖਰ ਜ਼ੁਬਾਨ ਵਾਲਾ ਬੰਦਾ ਵੀਹ ਸਾਲ ਬਾਅਦ ਆ ਕੇ ਆਪਦੀ ਜੁਬਾਨ ਤੇ ਦੋਸਤੀ ਪੁਗਾ ਗਿਆ । ਲੋਕਾਂ ਬਹੁਤ ਗੱਲਾ ਕੀਤੀਆ ਕਿ ਭੋਲੀ ਨੂੰ ਦਸ ਕਿੱਲੋ ਜਮੀਨ ਆਉਂਦੀ ਸੀ,,ਤਾਂ । ਪਰ ਨਹੀ ਜਮੀਨ ਨਾਲੋ ਕੀਮਤੀ ਹਰ ਪਿਉ ਨੂੰ ਆਪਣੀ ਔਲਾਦ ਹੁੰਦੀ, ਉਸ ਦਾ ਜੀਵਨ ਹੁੰਦਾ, ਨਾ ਹੁਣ ਉਹ ਜੁਬਾਨਾ ਰਹੀਆਂ ,ਨਾ ਉਹ ਔਲਾਦਾ । ਕਾਲੇ ਰੱਬ ਨੂੰ ਪਿਆਰੇ,,ਭੋਲੀ ਦੇ ਸਹੁਰੇ ਘਰ ਹਮੇਸ਼ਾ ਇੱਜਤ ਰਹੀ, ਰੰਗ ਰੂਪ ਦਾ ਕਿਸੇ ਕਦੇ ਤਾਹਨਾ ਨਾ ਦਿੱਤਾ, ਕੰਮ ਤੇ ਚੰਗੇ ਸੁਭਾਅ ਨਾਲ ਆਪਣੀ ਜਗ੍ਹਾ ਬਣਾਈ, ਰੱਬ ਨੇ ਦੋ ਮੁੰਡੇ ਦਿੱਤੇ, ਬਰਕਤ ਹੋਈ,, ਪਰਾਉਣਾ ਪਹਿਲਾਂ ਡੁਬਈ ਤੇ ਫਿਰ ਅਮਰੀਕਾ ਨਿਕਲ ਗਿਆ,, ਕੁਝ ਸਾਲਾ ਬਾਅਦ ਟੱਬਰ ਵੀ ਚਲਾ ਗਿਆ । ਚਲੋ ਜੀ ਭੋਲੀ ਬੈਠੀ ਆ,,ਹੁਣ ਅਮਰੀਕਾ। ਪੋਤੇ ਪੋਤੀਆਂ ਵਾਲੀ ਹੋ ਗਈ । ਰੰਗ ਦੀ ਪੱਕੀ ਹੀ ਆ,, ਪਰ ਹੁਣ ਭੋਲੀ ਮੈਨੂੰ ਸੋਹਣੀ ਲੱਗਦੀ ਆ। ਕਾਸ਼ ਉਹ ਗੁੱਡੀਆਂ ਪਟੋਲਿਆ ਵਾਲੇ ਦਿਨ ਫਿਰ ਆ ਜਾਵਣ।
✍ ਨੇਹਾ

×
Dimple Goyal Editor
Latest Posts

Comment here